ਬੱਚੀ ਕੋਮਲਪ੍ਰੀਤ ਕੌਰ ਵਾਸੀ ਮੁਰਾਦਪੁਰਾ (ਤਰਨ-ਤਾਰਨ) ਬਿਲਕੁੱਲ ਸਾਧਾਰਨ ਪਰਿਵਾਰ, ਅੱਤ ਦੀ ਗਰੀਬੀ ਕਿ ਦੋ ਡੰਗ ਦੀ ਰੋਟੀ ਲਈ ਵੀ ਹੱਡ ਤੋੜਵੀ ਮਿਹਨਤ ਕਰਨੀ ਪੈਂਦੀ ਹੈ! ਪੰਜ ਸਾਲ ਪਹਿਲਾ ਪਿਤਾ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ! ਦੋਨੋਂ ਮਾਵਾਂ-ਧੀਆਂ ਲੋਕਾਂ ਦੇ ਘਰਾਂ ਚ ਸਾਫ-ਸਫਾਈ ਕਰਕੇ ਰੋਜ਼ਾਨਾ ਦੋ ਢਾਈ ਸੌ ਰੁਪਏ ਕਮਾ ਕੇ ਲਿਆਉਂਦੀਆਂ ਸਨ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਜਾ ਰਿਹਾ ਸੀ! 6 ਦਿਨ ਪਹਿਲਾਂ 15 ਸਾਲ ਦੀ ਕੋਮਲਪ੍ਰੀਤ ਕੌਰ ਨੂੰ ਬੁਖਾਰ ਹੋ ਗਿਆ, ਚੰਗਾ ਇਲਾਜ਼ ਕਰਵਾਉਣ ਤੋ ਅਸਮਰੱਥ ਪਰਿਵਾਰ ਨੇ ਬੇਟੀ ਨੂੰ ਬੇਬੇ ਨਾਨਕੀ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਦਾਖਲ ਕਰਵਾ ਦਿੱਤਾ, ਹਸਪਤਾਲ ਚ ਜਾ ਕੇ ਟੈਸਟ ਕਰਵਾਏ ਤਾ TB ਦੀ ਬਿਮਾਰੀ ਦਾ ਪਤਾ ਲੱਗਾ, ਬੁਖਾਰ ਦਿਮਾਗ ਨੂੰ ਜਾਣ ਕਰਕੇ ਦੌਰੇ ਪੈਣ ਲੱਗ ਪਏ ਅਤੇ ਹਾਲਤ ਹੋਰ ਮਾੜੀ ਹੋ ਗਈ! ਪਰਿਵਾਰ ਨੇ ਵੀਰਵਾਰ ਫੋਨ ਕਰਕੇ ਮਦਦ ਲਈ ਸੁਨੇਹਾ ਲਾਇਆ ਕਿ ਸਾਡੀ ਜਰੂਰ ਮਦਦ ਕਰੋ! ਅੱਜ 10 ਜੂਨ ਨੂੰ ਪਰਿਵਾਰ ਨੂੰ ਮਿਲਣ ਅਤੇ ਤਿਲ-ਫੁਲ ਮਦਦ ਕਰਨ ਵਾਸਤੇ ਹਸਪਤਾਲ ਅੰਮ੍ਰਿਤਸਰ ਪਹੁੰਚੇ, ਐਸੇ ਪਰਿਵਾਰਾਂ ਦੇ ਹਾਲਾਤ ਸੁਣ ਕੇ ਕਿਸੇ ਵੇਲੇ ਸਾਡਾ ਵੀ ਮਨ ਭਰ ਆਉਦਾਂ ਹੈ!
ਪਰਿਵਾਰ ਦੇ ਹਾਲਾਤ ਸੁਣਕੇ ਅਤੇ ਬੇਟੀ ਦੀ ਹਾਲਤ ਵੇਖਕੇ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਸੇਵਾ ਦਿੱਤੀ ਅਤੇ ਅਗਾਂਹ ਹੋਰ ਮਦਦ ਦਾ ਭਰੋਸਾ ਵੀ ਦਿੱਤਾ! ਪਰਿਵਾਰ ਨੂੰ ਸੇਵਾ ਦੇ ਕੇ ਬੱਚੀ ਦੀ ਮਾਤਾ ਨੂੰ ਹਸਪਤਾਲ ਦੇ ਬਾਹਰ ਵੜੈਚ ਮੈਡੀਕਲ ਸਟੋਰ ਤੇ ਲੈ ਕੇ ਆਏ ਕਿ ਇਸ ਦੁਕਾਨ ਤੋਂ ਦਵਾਈਆਂ ਲੈ ਜਾਇਆ ਕਰੋਂ ਨਾਲੇ ਸਸਤੀਆਂ ਮਿਲ ਜਾਇਆਂ ਕਰਨਗੀਆਂ ਤੇ ਕਿਸੇ ਵਾਲੇ ਤੁਹਾਡੇ ਕੋਲ ਪੈਸੇ ਨਾ ਹੋਣ ਤਾ ਅਸੀ ਆਪੇ ਦੇ ਦਵਾਗੇਂ! ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ ਕਿ ਅਸੀ ਤੇ ਬੱਚੀ ਦੀ ਮਾਤਾ ਮੈਡੀਕਲ ਸਟੋਰ ਤੇ ਹੀ ਖੜੇ ਸੀ ਕਿ ਬੱਚੀ ਦੀ ਦਾਦੀ ਨੇ ਕਿਸੇ ਦੂਜੇ ਮਰੀਜ਼ ਕੋਲੋ ਫੋਨ ਲੈ ਕੇ ਫੋਨ ਕੀਤਾ ਕਿ ਕੋਮਲ ਦੀ ਮੰਮੀ ਨੂੰ ਛੇਤੀ ਭੇਜ ਦਿਉ, ਕੋਮਲ ਕੁਝ ਵੀ ਬੋਲਦੀ ਨਹੀਂ ਅਤੇ ਨਾ ਹੀ ਹਿਲ-ਜੁਲ ਰਹੀ ਹੈ! ਸਰੀਰ ਸੁੰਨ ਹੋ ਗਿਆ ਕਿ ਭਾਣਾ ਵਰਤ ਗਿਆ, ਇਸ ਪਰਿਵਾਰ ਨਾਲ ਕੋਈ ਨਿੱਜੀ ਜਾਣ-ਪਹਿਚਾਣ ਨਹੀਂ ਸੀ ਪਰ ਫਿਰ ਵੀ ਕੁਝ ਪਲ ਲਈ ਬਹੁਤ ਸਵਾਲ ਮਨ ਵਿੱਚ ਖੜੇ ਹੋ ਗਏ ਕਿ ਕਿਸੇ ਦਾ ਜਵਾਨ ਧੀ-ਪੁੱਤ ਦਾ ਸਮੇਂ ਸਿਰ ਅਤੇ ਚੰਗੇ ਇਲਾਜ਼ ਤੋ ਬਿਨਾਂ ਇਸ ਦੁਨੀਆਂ ਤੋਂ ਤੁਰ ਜਾਣਾ ਕਿੰਨਾ ਦੁੱਖਦਾਈ ਹੁੰਦਾ ਹੈ! ਗੁਰੂ ਸਾਹਿਬ ਧੀ ਕੋਮਲਪ੍ਰੀਤ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਹਿੰਮਤ ਬਖਸ਼ਣ!



